ਕਿਤਾਬ: ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ

ਕਿਤਾਬ: ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ
ਲੇਖਕ: ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨਾ
ਉੰਝ ਭਾਵੇਂ ਕਹਾਣੀ, ਨਾਵਲ ਤੇ ਕਵਿਤਾ ਦੇ ਦੌਰ ਨੇ ਇਤਿਹਾਸਕ ਕਿਤਾਬਾਂ ਨੂੰ ਥੋੜਾ ਜਿਹਾ ਪਿਛੇ ਧੱਕ ਦਿੱਤਾ ਹੈ ਪਰ ਸਾਹਿਤ ਦੇ ਖੇਤਰ ਨੂੰ ਵਿਸ਼ਾਲ ਤੇ ਲਮੇਰਾ ਬਣਾਉਣ ਲਈ ਇਤਿਹਾਸਿਕ ਕਿਤਾਬਾਂ ਅੱਜ ਦੇ ਸਮੇਂ ਦੀ ਵੱਡੀ ਲੋੜ ਹਨ! ਅਜਿਹੀ ਹੀ ਇੱਕ ਕਿਤਾਬ” ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ” ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨਾ ਜੀ ਦੁਆਰਾ ਲਿਖੀ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਕੁੱਜੇ ਵਿੱਚ ਸਮੁੰਦਰ ਭਰਨ ਵਾਲੀ ਕਹਾਵਤ ਨੂੰ ਨਿਰਾ ਹੀ ਸੱਚ ਸਾਬਿਤ ਕਰਦੀ ਹੈ!
ਇਤਿਹਾਸ ਸਾਹਿਤ ਨੂੰ ਅੱਗੇ ਵਧਾਉਣ ,ਮਨੁੱਖਤਾ ਨੂੰ ਭਵਿੱਖ ਲਈ ਚੰਗਾ ਰਾਹ ਦਿਖਾਉਣ ਦਾ ਹਮੇਸ਼ਾ ਹੀ ਮੀਲ ਪੱਥਰ ਬਣਦਾ ਰਿਹਾ ਹੈ! ਕਿਸੇ ਦੀ ਜੀਵਨੀ ਤੇ ਉਹ ਵੀ ਪੰਜਾਬ ਦੇ ਮਹਾਰਾਜੇ ਬਾਰੇ ਲਿਖਣਾ ਕੋਈ ਆਸਾਨ ਕਾਰਜ ਨਹੀਂ, ਕਿਤਾਬ ਦੇ 150 ਪੰਨੇ ਆਪਣੇ ਮੂੰਹੋਂ ਬੋਲ ਕੇ ਦੱਸਦੇ ਹਨ ਕਿ ਪ੍ਰੇਮ ਸਿੰਘ ਜੀ ਨੇ ਕਈ ਵਰੇ ਖੋਜ਼ ਕਾਰਜ ਵਿੱਚ ਲਗਾਤਾਰ ਅਣਥੱਕ ਮਿਹਨਤ ਕਰਕੇ ਇਤਿਹਾਸ ਦੇ ਇਸ ਸੁਨਹਿਰੇ ਖਰੜੇ ਨੂੰ ਤਿਆਰ ਕੀਤਾ ਹੈ! ਜਿਸ ਨੂੰ ਪੜ੍ਦੇ ਪਾਠਕ ਖਿਆਲਾਂ ਦੇ ਰਸਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਜਾ ਪਹੁੰਚਦਾ ਹੈ, ਜਿਉਂ ਜਿਉਂ ਕਿਤਾਬ ਦੇ ਵਰਕੇ ਪਾਠਕ ਪੜਦਾ ਜਾਂਦਾ ਹੈ ਤਿਉਂ ਤਿਉਂ ਖਾਲਸੇ ਦੇ ਰਾਜ ਬਾਰੇ ਆਪਣੀ ਜਾਗਰੂਕਤਾ ਨੂੰ ਰੌਸ਼ਨ ਕਰਦਾ ਨਜ਼ਰ ਆਉਂਦਾ ਹੈ !
ਕਿਤਾਬ ਦੇ ਪਹਿਲੇ ਭਾਗ ਵਿੱਚ ਮਹਾਰਾਜੇ ਦੇ ਘਰਾਣੇ ਦਾ ਜ਼ਿਕਰ ਇੰਨੇ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਕਿ ਪਾਠਕ ਦਾ ਦਿਲ ਮਹਾਰਾਜੇ ਦਾ ਜੀਵਨ ਪੜਨ ਨੂੰ ਆਪਣੇ ਆਪ ਰਾਜ਼ੀ ਹੋ ਜਾਂਦਾ ਹੈ! ਹਰ ਕਿਸੇ ਘਟਨਾ ਨੂੰ ਕਰਮਵਾਰ ਤਰੀਕੇ ਨਾਲ ਪੇਸ਼ ਕਰਨ ਦਾ ਢੰਗ ਕਿਤਾਬ ਨੂੰ ਨਾਵਲ ਦਾ ਰੂਪ ਦੇ ਕੇ ਪਾਠਕ ਦੀ ਰੁਚੀ ਨੂੰ ਹੋਰ ਵੀ ਤੀਬਰ ਬਣਾਉਦਾ ਏ!ਇਤਿਹਾਸਿਕ ਤੱਤਾਂ ਦੀ ਪੁਸ਼ਟੀ ਦੇ ਲੇਖਕ ਵੱਲੋਂ ਦਿੱਤੇ ਹਵਾਲੇ (ਖੋਜਾਂ ਦੇ ਵੇਰਵੇ) ਕਿਤਾਬ ਨੂੰ ਸੱਚ ਦਾ ਦਰਪਣ ਬਣਾ ਕੇ ਪਾਠਕ ਦੇ ਮਨ ਵਿੱਚ ਡੂੰਘੀ ਥਾਂ ਬਣਾਉਣ ਦੀ ਕਾਬਲੀਅਤ ਰੱਖਦੇ ਹਨ! ਭਾਸ਼ਾ ਦੀ ਸਰਲਤਾ ,ਲੇਖਣੀ ਦਾ ਕਹਾਣੀ ਰੂਪਕ ਢੰਗ, ਫਾਰਸੀ ਤੇ ਉਰਦੂ ਭਾਸ਼ਾ ਸ਼ਬਦਾਂ ਦੀ ਲੋੜ ਅਨੁਸਾਰ ਵਰਤੋਂ ਕਿਤਾਬ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੀ ਇੱਕ ਮਹੱਤਵਪੂਰਨ ਕਾਰਜ ਸਿੱਧ ਕਰਦੀ ਹੈ!
ਪਾਠਕ ਕੇਵਲ ਇਤਿਹਾਸ ਦੀਆਂ ਰੌਚਕ ਜਾਣਕਾਰੀ ਭਰਪੂਰ ਘਟਨਾਵਾਂ ਨਾਲ ਹੀ ਜਾਣੂ ਨਹੀਂ ਹੁੰਦਾ ,ਸਗੋਂ ਫਸੀਲ, ਤਲਬ ,ਕਦੈਵ , ਫਾਥਾ ,ਸਨਦ, ਵਾਅਜ਼,ਸ਼ਨਾਈ ,ਅਧੀਰ, ਬਿਗਲਚੀ, ਕਰਾਬੀਨ , ਖੇਦ, ਵਲਗਣ, ਚੁਕਾਵਾਂ, ਵਰਾਜਤ , ਯਾਫ਼ਤਾ,ਮੁੱਦਬਰ , ਨਿਹਾਇਤ,ਆਹਲਾ,ਮਗਲੂਬ,ਖਰੋਕਤ ਆਦਿ ਵਰਗੇ ਹੋਰ ਵੀ ਬਹੁਤੇ ਨਵੇਂ ਸ਼ਬਦਾਂ ਨੂੰ ਪੜ ਆਪਣੇ ਸ਼ਬਦ ਭੰਡਾਰ ਵਿੱਚ ਵਾਧਾ ਕਰਦਾ ਹੈ!
ਬੇਸ਼ੱਕ ਪੰਜਾਬ ਦੇ ਮਹਾਨ ਹੁਕਮਰਾਨ ਦਾ ਲਗਭਗ 60 ਸਾਲ ਦਾ ਜੀਵਨ ਬਿਰਤਾਂਤ ਇੱਕ ਕਿਤਾਬ ਵਿੱਚ ਪਰੋਣਾ ਬਹੁਤ ਔਖਿਆਈ ਦਾ ਕੰਮ ਹੈ,ਪਰ ਲੇਖਕ ਨੇ ਰਾਜੇ ਦੇ ਜੀਵਨ ਦੀਆਂ ਲੜਾਈਆਂ ,ਨਿੱਜੀ , ਸਮਾਜਿਕ ਤੇ ਧਾਰਮਿਕ ਵਿਵਹਾਰ ਬਾਰੇ ਦਿੱਤਾ ਡਾਢਾ ਵਿਸਤਾਰ ਪੜਨ ਵਾਲੇ ਦੇ ਸਮੇਂ ਦਾ ਪੂਰਾ ਮੁੱਲ ਮੋੜਦਾ ਹੈ। ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਬਚਪਨ ਵਿੱਚ ਆਪਣਾ ਪਿਤਾ ਗੁਆ ਕੇ, ਦੁਨਿਆਵੀ ਪੜ੍ਹਾਈ ਦੀ ਬਹੁਤ ਸਮਝ ਨਾ ਰੱਖਣ ਦੇ ਬਾਵਜੂਦ ਸਾਰੀਆਂ ਹੀ ਵਿਦੇਸ਼ੀਆਂ ਦੇ ਘਰੇਲੂ ਤਾਕਤਾਂ ਨੂੰ ਕੁਚਲ ਕੇ ਤਿੱਬਤ ਤੋਂ ਹਿੰਦੂਸ਼ ਤੱਕ ,ਕੇਵਲ ਪੰਜਾਬ ਹੀ ਨਹੀਂ ਸਗੋਂ ਅਫਗਾਨਿਸਤਾਨ, ਕਾਬਲ ਕੰਧਾਰ ਤੱਕ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣਾ ਰਾਜ ਸਥਾਪਿਤ ਕਰਨਾ ਪਾਠਕਾਂ ਦੇ ਲਈ ਇਸ ਕਿਤਾਬ ਨੂੰ ਇੱਕ ਮੋਟੀਵੇਸ਼ਨਲ ਕਿਤਾਬ ਦਾ ਰੂਪ ਵੀ ਦੇ ਦਿੰਦਾ ਹੈ!
ਦੇਸੀ ਅਤੇ ਅੰਗਰੇਜ਼ੀ ਇਤਿਹਾਸਕਾਰ ਦੋਵੇਂ ਹੀ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਸੰਸਾਰ ਦਾ ਇੱਕੋ ਇੱਕ ਸ਼ਾਸਕ ਸੀ ਜਿਸਨੇ ਕੋਈ ਸੰਗੀਨ ਅਪਰਾਧ ਨਹੀਂ ਕੀਤਾ, ਆਪਣੇ ਵੈਰੀ ਨੂੰ ਹਰਾ ਕੇ ਭੁੱਖਾ ਮਰਨ ਲਈ ਨਹੀਂ ਛੱਡਿਆ ਸਗੋਂ ਗੁਜ਼ਾਰੇ ਦੇ ਭੱਤੇ ਵੀ ਦਿੱਤੇ, ਆਪਣੇ ਸ਼ਾਸਨ ਦੌਰਾਨ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ, ਆਪਣੀਆਂ ਲੜਾਈਆਂ ਸਮੇਂ ਕਿਸੇ ਸਥਾਨ ਦੇ ਧਾਰਮਿਕ ਸਥਾਨ ਨਹੀਂ ਨੁਕਸਾਨੇ, ਪੁਸਤਕਾਲਿਆਂ ਨੂੰ ਤਬਾਹ ਨਹੀਂ ਕੀਤਾ ,ਇਸਤਰੀਆਂ ਦੀ ਦੁਰਦਸ਼ਾ ਨਹੀਂ ਕੀਤੀ! ਸ਼ਾਇਦ ਇਹੀ ਕਾਰਨ ਹੈ ਕਿ ਖਾਲਸਾ ਰਾਜ ਕੇਵਲ ਸਿੱਖਾਂ ਦਾ ਨਹੀਂ, ਸਗੋਂ ਸਭ ਦਾ ਸਾਂਝਾ ਰਾਜ ਸੀ!ਮਹਾਰਾਜੇ ਦੀ ਫੌਜ ਨੂੰ ਯੂਰਪੀ ਢੰਗ ਦੀ ਸਿਖਲਾਈ ਦਵਾਉਣਾ ਤੇ ਅੰਗਰੇਜ਼ਾਂ ਤੋਂ ਕਿਤੇ ਵੱਧ ਨਿਪੁੰਨ ਬਣਾਉਣਾ ਉਸਦੀ ਦੂਰ ਅੰਦੇਸ਼ੀ ਸੋਚ ਦਾ ਪ੍ਰਤੱਖ ਪ੍ਰਮਾਣ ਹੈ !
ਆਪਣੀ ਪੋਤਰੇ ਨੌ ਨਿਹਾਲ ਦੇ ਵਿਆਹ ਤੇ ਸਾਰਾ ਪੰਜਾਬ ਹੀ ਦਾਨ ਦੇ ਕੇ ਨਿਹਾਲ ਕਰ ਦੇਣਾ ,ਦਾਨ ਦੇਣ ਲਈ ਭੀੜ ਭੜਕੇ ਤੋਂ ਬਚਾ ਕਰਕੇ ਚਾਰ ਬਾਹੀਆਂ ਵਾਲਾ ਵੱਖਰਾ ਤਰੀਕਾ ਅਪਣਾਉਣਾ ਉਸ ਦੀ ਸਿਆਣਪ ਅਤੇ ਦਰਿਆ ਦਿਲੀ ਦਾ ਇਕਲੌਤਾ ਨਮੂਨਾ ਹੈ ਜਿਸ ਦੀ ਨਕਲ ਸੰਸਾਰ ਵਿੱਚ ਅੱਜ ਤੱਕ ਕਿਤੇ ਨਹੀਂ ਮਿਲਦੀ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਤੋਂ ਬਿਨਾਂ ਕੋਈ ਵੀ ਕਾਰਜ ਆਰੰਭ ਨਾ ਕਰਨਾ, ਹਰ ਫਤਿਹ ਦਾ ਸਿਹਰਾ ਖਾਲਸੇ ਜਾਂ ਗੁਰੂ ਦੇ ਸਿਰ ਤੇ ਬੰਨਣਾ, ਧਾਰਮਿਕ ਸਥਾਨਾਂ ਤੇ ਖੁੱਲ ਕੇ ਦਾਨ ਦੇਣਾ ,ਆਪਣੀ ਹਰ ਪਿਆਰੀ ਚੀਜ਼ ਜਿਵੇਂ ਕਿ ਚਾਂਦੀ ਦੀਆਂ ਚੋਬਾਂ ਵਾਲੀ ਪਾਲਕੀ ਗੁਰੂ ਰਾਮਦਾਸ ਜੀ ਦੇ ਦਰ ਤੇ ਭੇਟ ਕਰਨਾ ਉਸਦੀ ਧਾਰਮਿਕ ਪ੍ਰਪੱਕਤਾ ਨੂੰ ਪ੍ਰਗਟ ਕਰਦਾ ਹੈ!
ਇਹ ਕਿਤਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਹਰ ਪੱਖ ਧਾਰਮਿਕ ,ਰਾਜਨੀਤਿਕ ,ਸਮਾਜਿਕ ਬੜੇ ਹੀ ਸੁੰਦਰ ਢੰਗ ਨਾਲ ਬਿਆਨਿਆ ਗਿਆ ਹੈ। ਕਿ ਪਾਠਕ ਪੜਦਾ ਪੜਦਾ ਮਹਿਸੂਸ ਕਰਦਾ ਹੈ ਜਿਵੇਂ ਉਹ ਮਹਾਰਾਜ ਦੇ ਸਮੇਂ ਦਾ ਨਾਗਰਿਕ ਹੋਵੇ ਤੇ ਸਭ ਕੁਝ ਅੱਖੀ ਵੇਖ ਰਿਹਾ ਹੋਵੇ! ਕੇਵਲ ਮਹਾਰਾਜਾ ਰਣਜੀਤ ਸਿੰਘ ਹੀ ਨਹੀਂ ਸਗੋਂ ਸਰਦਾਰ ਹਰੀ ਸਿੰਘ ਨਲੂਆ ,ਅਕਾਲੀ ਫੂਲਾ ਸਿੰਘ ,ਸਰਦਾਰ ਲਹਿਣਾ ਸਿੰਘ ਮਜੀਠੀਆ ਬਾਰੇ ਕਿਤਾਬ ਵਿੱਚਲੀ ਸੰਖੇਪ ਜਾਣਕਾਰੀ ਇੰਨੀ ਪ੍ਰਭਾਵਸ਼ਾਲੀ ਹੈ ਕਿ ਪਾਠਕ ਦਾ ਮਨ ਇਨ੍ਹਾਂ ਯੋਧਿਆਂ ਦੇ ਜੀਵਨ ਨੂੰ ਵਿਸਥਾਰ ਪੂਰਵਕ ਪੜਨ ਲਈ ਇੱਛੁਕ ਹੋ ਉਠਦਾ ਹੈ!
ਮਹਾਰਾਜੇ ਦਾ ਖੁਦ ਤਲਵਾਰਬਾਜ਼ੀ ਵਿੱਚ ਨਿਪੁੰਨ ਹੋਣਾ, ਯੁੱਧ ਦੇ ਮੈਦਾਨ ਵਿੱਚ ਸੈਨਾ ਦੀ ਆਪ ਅਗਵਾਈ ਕਰਨਾ, ਮੁਸੀਬਤ ਵੇਲੇ ਹੋਰ ਵੀ ਵਧੇਰੇ ਹੌਸਲਾ ਭਰਪੂਰ ਹੋ ਜਾਣਾ ਉਸਨੂੰ ਇੱਕ ਕੌਸ਼ਲ ਨੇਤਾ ਵਜੋਂ ਪੇਸ਼ ਕਰਦਾ ਹੈ! ਇੱਕ ਵਾਰ ਅਟਕ ਦਰਿਆ ਦਾ ਉਛਾਲਾ ਖਾਂਦਾ ਪਾਣੀ ਵੀ ਉਸ ਦਾ ਰਾਹ ਨਾ ਰੋਕ ਸਕਿਆ ਕਿਉਂਕਿ ਉਹ ਕਹਿੰਦਾ ਸੀ ਅਟਕ ਦਰਿਆ ਉਸ ਵਾਸਤੇ ਅਟਕ (ਰੋਕ)ਹੈ ਜਿਸਦੇ ਚਿੱਤ ਵਿੱਚ ਕੋਈ ਅਟਕ(ਝਿੰਝਕ )ਹੋਵੇ ਤੇ ਇੰਝ ਉਸਨੇ ਆਪਣੇ ਹੌਸਲੇ ਦੇ ਬਾਹੂਬਲ ਨਾਲ ਅਣਹੋਣੀ ਨੂੰ ਵੀ ਹੋਣੀ ਵਿੱਚ ਬਦਲ ਦਿੱਤਾ !ਉਸਨੂੰ ਕੇਵਲ ਆਪਣਾ ਰਾਜ ਵਿਸਥਾਰ ਕਰਨ ਦਾ ਸ਼ੌਂਕ ਹੀ ਨਹੀਂ ਸੀ ,ਸਗੋਂ ਚੰਗਾ ਸ਼ਾਸਨ ਪ੍ਰਬੰਧ ਕਰਨ ਵਿੱਚ ਵੀ ਉਹ ਪੂਰਾ ਨਿਪੁੰਨ ਸੀ!
ਉਸ ਦੇ ਰਾਜ ਵਿੱਚ ਸਿੱਖ, ਹਿੰਦੂ ,ਮੁਸਲਮਾਨ ਸਭ ਅਮਨ ਸ਼ਾਂਤੀ ਨਾਲ ਰਹਿੰਦੇ ਸਨ ! ਇਲਾਕੇ ਦੀ ਭੰਗੌਲਿਕ ਵੰਡ, ਵਪਾਰ ਦੀ ਉੱਨਤੀ ,ਅਦਾਲਤਾਂ ਦਾ ਨਿਆ ਪ੍ਰਦਾਨ ਕਰਨਾ, ਯੋਗਤਾ ਅਨੁਸਾਰ ਪਦਵੀਆਂ ਦੀ ਪ੍ਰਾਪਤੀ ,ਵਧੀਆ ਡਾਕ ਪ੍ਰਬੰਧ ਗੱਲ ਕੀ ਉਹ ਸਾਰੀਆਂ ਲੋੜਾਂ ਜੋ ਉਸ ਸਮੇਂ ਅਨੁਸਾਰ ਕਿਸੇ ਉਨਤ ਦੇਸ਼ ਲਈ ਲੋੜੀਂਦੀਆਂ ਸਨ ਸ਼ੇਰੇ ਪੰਜਾਬ ਨੇ ਖਾਲਸਾ ਰਾਜ ਲਈ ਪੂਰੀਆਂ ਕਰ ਰੱਖੀਆਂ ਸਨ! ਨੌ ਨਿਹਾਲ ਦੇ ਵਿਆਹ ਮੌਕੇ ਖਾਲਸਾ ਰਾਜ ਦੇ ਘਾਹੀਏ ਤੋਂ ਲੈ ਕੇ ਜਰਨੈਲ ਤੱਕ ਦਾ ਛਬੀਲੇ ਵਸਤਰ ਪਹਿਨਣਾ ਮਹਾਰਾਜੇ ਦਾ ਆਪਣੀ ਰਾਜ ਦੇ ਹਰ ਇੱਕ ਨਾਗਰਿਕ ਪ੍ਰਤੀ ਸਤਿਕਾਰ ਤੇ ਪਿਆਰ ਦਾ ਪ੍ਰਤੀਕ ਹੈ ਭਾਵੇਂ ਕੋਈ ਗਰੀਬ ਹੋਵੇ ਜਾਂ ਅਮੀਰ!
ਕੋਹੇਨੂਰ ਹੀਰੇ ਦਾ ਪੰਜਾਬ ਦੇ ਬਾਦਸ਼ਾਹ ਤੱਕ ਪਹੁੰਚਣ ਦਾ ਸਫਰ ਲੇਖਕ ਨੇ ਬਹੁਤ ਹੀ ਖੂਬਸੂਰਤ ਤੇ ਰੋਚਕ ਤਰੀਕੇ ਨਾਲ ਪੇਸ਼ ਕੀਤਾ ਹੈ ਜੋ ਪਾਠਕ ਵਿੱਚ ਕਿਤਾਬ ਦੇ ਅਗਲੇਰੇ ਭਾਗ ਨੂੰ ਪੜਨ ਲਈ ਨਵੀਂ ਹੀ ਫੁਰਤੀ ਪੈਦਾ ਕਰ ਦਿੰਦਾ ਹੈ! ਅੰਗਰੇਜ਼ੀ ਦਾ ਇਤਿਹਾਸਕਾਰ ਬੈਰਨ ਹੂਗਲ ਲਿਖਦਾ ਹੈ ਕਿ ਆਸਟਰੀਆ ਦੀ ਫੌਜ ਨਿਸ਼ਾਨਾ ਮਾਰਨ ਵਿੱਚ ਜਗਤ ਪ੍ਰਸਿੱਧ ਸੀ, ਪਰ ਖਾਲਸਾ ਫੌਜ ਉਹਨਾਂ ਤੋਂ ਵੀ ਇਸ ਕਰਤੱਬਵਿੱਚ ਜਿਆਦਾ ਨਿਪੁੰਨ ਦੇਖੀ ਗਈ! ਕੇਵਲ ਫੌਜ ਦੀ ਨਿਪੁੰਨਤਾ ਨਹੀਂ ਸਗੋਂ ਸ਼ੇਰੇ ਪੰਜਾਬ ਦੇ ਤੋਪਖਾਨੇ ਵੀ ਹਿੰਦ ਵਿੱਚ ਸਭ ਤੋਂ ਪਹਿਲੇ ਦਰਜੇ ਦੇ ਸਨ! ਮਹਾਰਾਜੇ ਵੱਲੋਂ ਦਾਨ ਦੇ ਕੇ ਆਪਣੇ ਨਾਂ ਦਾ ਦਿਖਾਵਾ ਨਾ ਕਰਨਾ ,ਆਪਣੇ ਨਾਂ ਦੀ ਸਿੱਕੇ ਜਾਰੀ ਕਰਨ ਦੀ ਥਾਂ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਸਿੱਕੇ ਜਾਰੀ ਕਰਨਾ ਉਸ ਦੀ ਨਿਮਰਤਾ ਅਤੇ ਹਲੀਮੀ ਦੀ ਉਦਾਹਰਣ ਪੇਸ਼ ਕਰਦਾ ਹੈ! ਬਜ਼ੁਰਗ ਔਰਤ ਵੱਲੋਂ ਪਾਰਸ ਕਹੇ ਜਾਣ ਤੇ ਉਸਦੇ ਲੋਹੇ ਦੇ ਤਵੇ ਬਰਾਬਰ ਸੋਨਾ ਦੇ ਦੇਣਾ ਇਸ ਗੱਲ ਦੀ ਹਾਮੀ ਉੱਚੀ ਬੋਲ ਕੇ ਭਰਦਾ ਹੈ ਕਿ ਰਣਜੀਤ ਸਿੰਘ ਸਚਮੁੱਚ ਹੀ ਪਾਰਸ ਸੀ !
ਇਹ ਕਿਤਾਬ ਹਰ ਇੱਕ ਪੰਜਾਬੀ ਨੂੰ ਲਾਜ਼ਮੀ ਪੜਨੀ ਚਾਹੀਦੀ ਹੈਂ ਤਾਂ ਤਾਂ ਜੋ ਉਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬ ਦੇ ਸੁਨਹਿਰੇ ਕਾਲ ਦੀ ਗੱਲ ਸੁਣਾ ਸਕੇ! ਇਹ ਪੁਸਤਕ ਇਕ ਸੰਭਾਲਣ ਯੋਗ ਸ੍ਰੋਤ ਹੈ ਜੋ ਸਾਡੀ ਭਵਿੱਖਤ ਤੇ ਅਜੌਕੀ ਪੀੜੀ ਨੂੰ ਦੱਸ ਸਕੇ ਕਿ ਇੱਕ ਚੰਗਾ ਸ਼ਾਸਨ ਕਿਵੇਂ ਦਾ ਹੁੰਦਾ ਹੈ ! ਇਹ ਮੇਰੀ ਨਿੱਜੀ ਤਾਕੀਦ ਹੈ ਕਿ ਮਾਪੇ ਇਹ ਕਿਤਾਬ ਆਪਣੇ ਬੱਚਿਆਂ ਨੂੰ ਜਰੂਰ ਪੜਾਉਣ ਜਾ ਪੜ ਕੇ ਸੁਣਾਉਣ ਤਾਂ ਕਿ ਉਹ ਵੀ ਪੰਜਾਬ ਦੇ ਕੋਹੀਨੂਰ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਵਰਗੀ ਗੁਣ ਆਪਣੇ ਅੰਦਰ ਪੈਦਾ ਕਰ ਸਕਣ ਤੇ ਆਉਣ ਵਾਲੇ ਨੇਤਾ ਇਸ ਮਹਾਨ ਸ਼ਾਸਕ ਦੇ ਗੁਣ ਆਪਣਾ ਕੇ ਇਕ ਉੱਤਮ ਦਰਜ਼ੇ ਦਾ ਸਮਾਜ ਸਿਰਜ ਕੇ ਕਾਗਜਾਂ ਵਿੱਚ ਲਿਖੀਆਂ ਜਨਤਾ ਭਲਾਈ ਦਾ ਜੁਗਤਾਂ ਨੂੰ ਸੱਚ ਦਾ ਜਾਮਾ ਪਵਾ ਸਕਣ !
ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਹੁਣ ਆਪ ਜੀ ਦੇ ਨਾਲ ਗੱਲ ਕਰ ਰਹੇ ਹਾਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਜੀਵਨ ਬਾਰੇ, ਜਿਨ੍ਹਾਂ ਨੇ ਸਾਨੂੰ ਬਹੁਤ ਮਹਾਨ ਪੁਸਤਕਾਂ ਅਤੇ ਇਤਿਹਾਸ ਦਿੱਤਾ। ਆਓ, ਅਸੀਂ ਉਹਨਾਂ ਦੇ ਜੀਵਨ ਦੀ ਝਲਕ ਮਾਰਦੇ ਹਾਂ।
ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਦਾ ਜਨਮ 2 ਨਵੰਬਰ 1882 ਨੂੰ ਸਰਹੱਦੀ ਸੂਬੇ ਦੇ ਹੋਟੀ ਕਸਬੇ ਵਿੱਚ ਹੋਇਆ। ਉਹ ਬਾਬਾ ਗੰਡਾ ਸਿੰਘ ਜੀ ਦੇ ਘਰ ਪੈਦਾ ਹੋਏ। ਬਾਬਾ ਗੰਡਾ ਸਿੰਘ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਗੋਇੰਦਵਾਲ ਭੱਲਾ ਵੰਸ ਨਾਲ ਸਬੰਧਤ ਸਨ। ਭਾਈ ਗੁਰਦਾਸ ਜੀ ਵੀ ਇਸੇ ਖਾਨਦਾਨ ਨਾਲ ਜੁੜੇ ਹੋਏ ਸਨ। ਬਾਬਾ ਜੀ ਦੇ ਵੱਡੇ-ਵਡੇਰੇ ਬਾਬਾ ਕਾਣ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਪੱਛਮੀ ਸਰਹੱਦ ਦੇ ਇਲਾਕੇ ਵੱਲ ਚਲੇ ਗਏ। 1849 ਵਿੱਚ, ਜਦ ਅੰਗਰੇਜ਼ਾਂ ਨੇ ਉੱਤਰ-ਪੱਛਮੀ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲਿਆ, ਤਾਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਦੇ ਪਿਤਾ ਨੂੰ ਮਿਲੀ ਜਗੀਰ ਜਬਤ ਕਰ ਲਈ ਗਈ। ਬਾਵਜੂਦ ਇਸਦੇ, ਹੋਟੀ ਦੇ ਮੁਸਲਿਮ ਨਵਾਬ ਸਰ ਬੁਲੰਦ ਖਾਨ ਨੇ ਉਨ੍ਹਾਂ ਨੂੰ ਆਪਣੀ ਇਲਾਕੇ ਵਿੱਚ ਜਮੀਨਾਂ ਦਿੱਤੀਆਂ। 1948 ਵਿੱਚ ਇਹ ਪਰਿਵਾਰ ਪਟਿਆਲਾ ਚਲਾ ਗਿਆ।
ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਨੇ ਬਹੁਤ ਮਹਾਨ ਪੁਸਤਕਾਂ ਲਿਖੀਆਂ, ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਨਵਾਂ ਜੀਵਨ ਦਿੱਤਾ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ‘ਅਕਾਲੀ ਫੂਲਾ ਸਿੰਘ’ (1914), ‘ਜੀਵਨ ਚਰਿਤਰ ਮਹਾਰਾਜਾ ਰਣਜੀਤ ਸਿੰਘ’ (1918), ‘ਸਰਦਾਰ ਹਰੀ ਸਿੰਘ ਨਲੂਆ’ (1937), ‘ਜੀਵਨ ਬਿਰਤਾਂਤ ਕਵਰ ਨੌਨਿਹਾਲ ਸਿੰਘ’ (1927), ‘ਖਾਲਸਾ ਰਾਜ ਦੇ ਉਸਰਈਏ’ (ਭਾਗ ਪਹਿਲਾ 1942, ਭਾਗ ਦੂਜਾ 1944), ‘ਖਾਲਸਾ ਰਾਜ ਦੇ ਵਿਦੇਸ਼ੀ ਕਰਿੰਦੇ’ (1945), ‘ਜੀਵਨ ਵਿਰਤਾਂਤ ਮਹਾਰਾਜਾ ਸ਼ੇਰ ਸਿੰਘ’ (1951), ਅਤੇ ‘ਜੀਵਨ ਵਿਰਤਾਂਤ ਨਵਾਬ ਕਪੂਰ ਸਿੰਘ’ (1952) ਸ਼ਾਮਲ ਹਨ।
ਉਨ੍ਹਾਂ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਇਤਿਹਾਸਕ ਲਿਖਤਾਂ ਤੇ ਖਰਚਿਆ। ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ, ਪਸ਼ਤੋ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਵੀ ਵਿਸ਼ਾਲ ਗਿਆਨ ਸੀ। ਬਾਬਾ ਜੀ ਦੀ ਪਤਨੀ ਮਾਤਾ ਮਾਨ ਕੌਰ ਜੀ ਸਨ ਅਤੇ ਉਨ੍ਹਾਂ ਦੇ ਬੱਚਿਆਂ ਵਿੱਚ ਮਨਮੋਹਨ ਸਿੰਘ, ਮਹਿੰਦਰ ਕੌਰ, ਅਜੈਬ ਸਿੰਘ, ਤਰਲੋਚਨ ਸਿੰਘ, ਸਨਮੁਖ ਸਿੰਘ, ਅਤੇ ਹਰਬੰਸ ਸਿੰਘ ਸ਼ਾਮਲ ਹਨ।
10 ਜਨਵਰੀ 1954 ਨੂੰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਨੇ ਇਹ ਸੰਸਾਰ ਛੱਡ ਦਿੱਤਾ। ਉਨ੍ਹਾਂ ਦੀਆਂ ਲਿਖਤਾਂ ਅਤੇ ਇਤਿਹਾਸਕ ਯੋਗਦਾਨ ਰਾਹੀਂ ਉਹ ਅੱਜ ਵੀ ਸਾਡੇ ਦਿਲਾਂ ਵਿੱਚ ਜਿੰਦਾ ਹਨ।