ਕਿਤਾਬ: ਮੈਂ ਸਾਊ ਕੁੜੀ ਨਹੀਂ ਹਾਂ
ਕਵਿਤਰੀ: ਬਰਾੜ ਜੈਸੀ
ਪ੍ਰਕਾਸ਼ਕ: ਪੰਜਾਬ ਕਵੀ ਪਬਲੀਕੇਸ਼ਨ
ਅੱਜ ਬੇਸ਼ੱਕ ਸਾਡੀ ਜੇਬ ਕੁ ਜਿੱਡੇ ਇੱਕ ਉਪਕਰਨ ਨੇ ਕਿਤਾਬਾਂ ਦੇ ਕਾਗਜਾਂ ਉੱਪਰ ਧੂੜ ਚੜਾ ਦਿੱਤੀ ਏ ,ਪਰ ਕਿਤਾਬਾਂ ਜੋ ਸਮਾਜ ਦੀ ਗੁਲਾਮੀ ਨੂੰ ਵੰਗਾਰਦੀਆਂ ਹੋਣ, ਉਹਨਾਂ ਦੇ ਸੁਨਹਿਰੀ ਅੱਖਰ ਹਰ ਧੂੜ ਨੂੰ ਪਰਾਂ ਵਗਾਹ ਚਮਕ ਹੀ ਪੈਂਦੇਂ ਨੇ! ਕਿਤਾਬਾਂ ਜੋ ਪਾਠਕਾਂ ਦੇ ਹਾਣ ਦੀਆਂ ਹੋਣ ,ਮਨ ਦੇ ਬਲਬਲਿਆਂ ਨੂੰ ਖੂਬਸੂਰਤੀ ਨਾਲ ਬਿਆਨ ਕਰਦੀਆਂ ਹੋਣ, ਸਮਾਜ ਦੀਆਂ ਅੱਖਾਂ ਵਿੱਚ ਪਏ ਟੀਰ ਦਾ ਇਲਾਜ਼ ਕਰਦੀਆਂ ਹੋਣ, ਔਰਤ ਤੇ ਮਰਦ ਦੀ ਬਰਾਬਰੀ ਦੀਆਂ ਬਾਤਾਂ ਪਾ ਕੇ ਪਾਠਕਾਂ ਦੇ ਹੁੰਗਾਰੇ ਭਰਾਉਂਦੀਆਂ ਹੋਣ !
ਅਜਿਹੀ ਹੀ ਕਿਤਾਬ” ਮੈਂ ਸਾਊ ਕੁੜੀ ਨਹੀਂ ਹਾਂ” ਨੌਜਵਾਨ ਪੀੜੀ ਦੀ ਸ਼ਾਇਰਾ ਬਰਾੜ ਜੈਸੀ ਦੁਆਰਾ ਲਿਖੀ ਲਘੂ ਪਰ ਸੰਪੂਰਨ ਕਵਿਤਾਵਾਂ ਦਾ ਸੰਗ੍ਰਹਿ ਹੈ ਜਿਸ ਦੇ ਆਗਾਜ਼ ਨਾਲ ਸ਼ਾਇਰਾ ਨੇ ਸਾਹਿਤ ਜਗਤ ਵਿੱਚ ਆਪਣੀ ਪਹਿਲੀ ਹੀ ਪਲਾਂਗ ਸਵਾ ਗਜ ਲੰਮੀ ਪੁੱਟੀ ਤੇ ਦਿਨਾਂ ਦੇ ਫਾਸਲੇ ਨਾਲ ਹੀ ਮਕਬੂਲ ਕਵਿਤਰੀ ਦੇ ਵਜੋਂ ਉਭਰ ਕੇ ਪਾਠਕਾਂ ਦੇ ਮਨ ਨੂੰ ਕੀਲ ਲਿਆ!
“ਮੈਂ ਸਾਊ ਕੁੜੀ ਨਹੀਂ ਆ” ਕਿਤਾਬ ਦਾ ਸਿਰਲੇਖ ਉਸ ਸਮਾਜ ਨੂੰ ਵੰਗਾਰਦਾ ਤੇ ਹਰ ਕੁੜੀ ਦੇ ਮਨਾਂ ਦੀਆਂ ਪਰਤਾਂ ਦੀ ਡੂੰਘਾਈ ਨੂੰ ਉਧੇੜਦਾ ਨਜ਼ਰ ਆਉਂਦਾ ਹੈ ਜੋ ਸਾਊਪੁਣੇ ਦੇ ਲੇਬਲ ਹੇਠ ਕੁੜੀਆਂ ਦੇ ਪਤਾ ਨਹੀਂ ਕਿੰਨੇ ਹੀ ਸ਼ੌਂਕ, ਰੀਝਾਂ ਤੇ ਸਦਰਾਂ ਤੇ ਖ਼ੰਜਰ ਫੇਰ ਦਿੰਦੈ! ਇਸ ਕਿਤਾਬ ਵਿਚਲੀਆਂ ਕਵਿਤਾਵਾਂ ਔਰਤ ਦੀ ਮਨੋਦਸ਼ਾ, ਉਸ ਦੀ ਸਮਾਜਿਕ ਗੁਲਾਮੀ, ਮਰਦ ਪ੍ਰਧਾਨ ਸਮਾਜ ਵੱਲੋਂ ਉਸ ਦਾ ਤਿਰਸਕਾਰ ਵਰਗੇ ਵਿਸ਼ਿਆਂ ਤੇ ਡੂੰਘੇ ਸ਼ਬਦਾਂ ਨਾਲ ਕੀਤਾ ਗਿਆ ਕਟਾਕਸ਼ , ਕਾਵਿ ਰਸ ਦੇ ਸ਼ਾਹਿਦ ਵਿੱਚ ਲਬੇੜ ਕੇ ਪਾਠਕ ਦੇ ਮਨ ਨੂੰ ਸਾਰੀਆਂ ਹੀ ਕਵਿਤਾਵਾਂ ਪੜ੍ਨ ਦੀ ਚੇਟਕ ਲਾ ਦਿੰਦਾ ਹੈ! ਇਹ ਛੋਟੇ ਜਿਹਾ ਕਾਵਿ ਸੰਗ੍ਰਹਿ ਦਾ ਕਈ ਅਡੀਸ਼ਨਾਂ ਵਿੱਚ ਛਪਣਾ ਅਤੇ ਪੰਜਾਬੀ ਤੋਂ ਇਲਾਵਾ ਹਿੰਦੀ ਵਿੱਚ ਅਨੁਵਾਦ ਹੋਣਾ ਇਸਦੀ ਮਕਬੂਲੀਅਤ ਦਾ ਪ੍ਰਤੱਖ ਸਨਮਾਨ ਪੱਤਰ ਹੈ!
ਕਵਿਤਾਵਾਂ ਲਿਖਣ ਵਾਲੀਆਂ ਕੁੜੀਆਂ ਚਰਿਤਰਹੀਨ ਨਹੀਂ ਹੁੰਦੀਆਂ, ਜੋ ਮੁਹੱਬਤ ਦੀਆਂ ਕਵਿਤਾਵਾਂ ਲਿਖਦੀਆਂ ਹੋਣ ਵਰਗੇ ਕਵਿਤਾ ਦੇ ਬੋਲਾਂ ਵਿੱਚ ਕੇਵਲ ਮਹਿਬੂਬ ਦੀ ਥਾਂ ਬਾਕੀ ਰਿਸ਼ਤਿਆਂ ਦੇ ਮੋਹ ਦੀ ਗੱਲ ਕਰਦੀ ਬਰਾੜ ਜੈਸੀ ਮੁਹੱਬਤ ਦੇ ਪਿੰਡੇ ਤੋਂ ਅਸ਼ਲੀਲਤਾ ਵਰਗੇ ਧੱਬੇ ਨੂੰ ਮੈਲੇ ਕੱਪੜੇ ਵਾਂਗ ਲਾ ਸੁੱਟਦੀ ਹੈ ਤੇ ਲਿਖਦੀ ਹੈ ਕਿ ਰਿਸ਼ਤੇ ਪ੍ਰਸ਼ਾਦ ਵਰਗੇ ਹੁੰਦੇ ਹਨ ਤੇ ਪ੍ਰਸ਼ਾਦ ਪੂੰਜੀ ਡਿੱਗ ਕੇ ਵੀ ਭਿੱਟਿਆ ਨਹੀਂ ਜਾਂਦਾ! ਡਾਕਟਰ ਮਨਮੋਹਨ ਸਿੰਘ ਦੀ ਪਤਨੀ ਸ਼੍ਰੀਮਤੀ ਗੁਰਸ਼ਰਨ ਕੌਰ ਜੀ ਵਰਗੇ ਜੈਸੀ ਦੀ ਕਿਤਾਬ ਦੇ ਪਾਠਕ ਇਹ ਸਿੱਧ ਕਰਦੇ ਹਨ ਕਿ ਇਹ ਕਿਤਾਬ ਨੌਜਵਾਨ ਵਰਗ ਦੇ ਨਾਲ ਨਾਲ ਹਰ ਵਰਗ ਦੇ ਪਾਠਕ ਦੀ ਪਸੰਦ ਬਣ ਚੁੱਕੀ ਹੈ!
ਸ਼ਾਇਰਾ ਵੱਲੋਂ ਚੁਣੀ ਸ਼ਬਦਾਂ ਦੀ ਸਰਲਤਾ, ਵਿਸ਼ਿਆਂ ਦਾ ਔਰਤ ਦੀ ਨਿੱਜੀ ਜ਼ਿੰਦਗੀ ਦੇ ਕੰਧਾਂ ਤੇ ਦੇਹਲੀਆਂ ਥੱਲੇ ਦੱਬੇ ਸੱਚ ਨੂੰ ਪ੍ਹਗਟ ਕਰਨਾ , ਮਨ ਦੀ ਦੁਨੀਆਂ ਤੇ ਬਾਹਰੀ ਦੁਨੀਆਂ ਦੇ ਖੋਖਲੇ ਰਿਵਾਜਾਂ ਦਾ ਖੰਡਨ , ਅਸ਼ਲੀਲਤਾ, ਬਲਾਤਕਾਰ (ਮਾਨਸਿਕ ਤੇ ਸਰੀਰਕ) ਦੀ ਗੱਲ ਕਰਨਾ ਸ਼ਾਇਰਾ ਦੇ ਔਰਤਾਂ ਦੇ ਦਰਦਾਂ ਨੂੰ ਕਲਮਬੱਧ ਕਰਨ ਦੀ ਕੌਸ਼ਲਤਾ ਤੇ ਵੱਡੇ ਹੌਸਲੇ ਦੀ ਮਿਸਾਲ ਹੈ! ਕਿਤਾਬ ਦਾ ਛੋਟੀਆਂ ਛੋਟੀਆਂ ਕਵਿਤਾਵਾਂ ਨਾਲ ਭਰਪੂਰ ਹੋਣਾ ਅੱਜ ਦੇ ਰੁਝੇਵਿਆਂ ਵਿੱਚ ਲਿਪਟੇ ਪਾਠਕ ਦੀ ਘੰਟਿਆਂ ਬੱਧੀ ਵਿਹਲ ਨਾਂ ਮੰਗ ਕੇ ਕੁਝ ਪਲਾਂ ਵਿੱਚ ਹੀ ਉਸਦੀ ਰੂਹ ਨੂੰ ਸਕੂਨ ਨਾਲ ਤਿ੍ਪਤ ਕਰ ਦਿੰਦੈ !
ਪਾਠਕਾਂ ਤੋਂ ਇਲਾਵਾਂ ਇਹ ਕਿਤਾਬ ਉਹਨਾਂ ਲਈ ਵੀ ਇਕ ਰਾਹ ਦਿਸੇਰਾ ਏ ,ਜੋ ਆਪਣੀ ਪਹਿਲੀ ਕਾਵਿ ਪੁਸਤਕ ਛਪਵਾਉਣ ਦੇ ਸਫ਼ਰ ਤੇ ਚੱਲ ਪਏ ਹਨ ਜਾਂ ਆਪਣੇ ਵਿਚਾਰਾਂ ਨੂੰ ਕਵਿਤਾ ਦੀ ਚਾਸਨੀ ਵਿੱਚ ਭਿਉਂ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੇਸ਼ ਕਰਨ ਦੇ ਚਾਹਵਾਨ ਨੇ !
ਮੈਂ ਸਾਉ ਕੁੜੀ ਨਹੀਂ ਹਾਂ – ਕਿਤਾਬ ਦਾ ਟਾਈਟਲ ਪੜਦਿਆਂ ਹੀ ਲੱਗਿਆ ਕਿ ਕਿਸੇ ਨੇ ਇਕ ਕੁੜੀ ਨਹੀਂ ਸਗੋਂ ਕੁੜੀਆਂ ਦੇ ਦਿਲਾਂ ਦੀ ਗੱਲ ਨੂੰ ਅੱਖਰਾਂ ਰਾਹੀਂ ਛਾਪਣ ਦਾ ਜਿਗਰਾ ਕਰ ਲਿਆ ਹੈ ! ਮੈਂ ਝੱਟ ਕਿਤਾਬ ਖਰੀਦ ਲਈ ਤੇ ਕੁਝ ਕੁ ਚੋਣਵੀਆਂ ਕਵਿਤਾਵਾਂ ਪੜੀਆਂ ! ਹਰ ਇੱਕ ਕਵਿਤਾ ਮੈਨੂੰ ਬਹੁਤ ਹੀ ਅਜ਼ੀਜ਼ ਤੇ ਆਪਣੇ ਵਰਗੀ ਲੱਗੀ ! ਇਹਨਾਂ ਹੀ ਦਿਨਾਂ ਚ ਘਰੇ ਰਿਸ਼ਤੇ ਦੀ ਗੱਲ ਚੱਲੀ ਤੇ ਜਦੋਂ ਸਾਹਮਣੇ ਵਾਲੇ ਨੇ ਸਵਾਲ ਕੀਤਾ ਕਿ ਮੈਂ ਕਿਹੋ ਜਿਹੇ ਸੁਭਾਅ ਦੀ ਆ? ਤਾਂ ਜਵਾਬ ਵਿੱਚ ਇਹ ਕਿਤਾਬ ਹੱਥ ਰੱਖਦਿਆਂ ਕਹਿ ਦਿੱਤਾ, ਪੜ ਲਿਓ ਤੇ ਫੇਰ ਫੈਸਲਾ ਕਰਨਾ ! ਕੁਝ ਚਿਰ ਬਾਅਦ ਸਾਡਾ ਵਿਆਹ ਹੋ ਗਿਆ ਪਰ ਇਹ ਕਿਤਾਬ ਗੁਆਚ ਗੲੀ!
ਮੈਂ ਅਕਸਰ ਕਹਿਣਾ ਤੁਸੀਂ ਮੇਰੀ ਇੱਕ ਚੰਗੀ ਕਿਤਾਬ ਗੁਆ ਦਿੱਤੀ ! ਪਰ ਇਸ ਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲੱਗੇ ਪੁਸਤਕ ਮੇਲੇ ਤੋਂ ਸਰਦਾਰ ਸਾਹਿਬ ਨੇ ਕਿਤਾਬ ਦੁਬਾਰਾ ਲਿਆ ਕੇ ਮੇਰਾ ਉਲਾਂਭਾ ਸਿਰੋਂ ਲਾਹ ਦਿੱਤਾ! ਹੁਣ ਜੇ ਕਿਤੇ ਕਿਸੇ ਗੱਲੋਂ ਦੋਵਾਂ ਵਿੱਚ ਕੋਈ ਤੱਲਖੀ ਹੋ ਜਾਵੇ ਤਾਂ ਮੈਂ ਅਕਸਰ ਹੀ ਹੱਸ ਕੇ ਆਖ ਛੱਡਦੀ ਆ ” ਮੈਂ ਤਾਂ ਤਹਾਨੂੰ ਵਿਆਹ ਤੋਂ ਪਹਿਲਾਂ ਹੀ ਕਿਹਾ ਸੀ , ਮੈਂ ਸਾਉ ਕੁੜੀ ਨਹੀਂ ਹਾਂ”ਤੇ ਅਸੀਂ ਦੋਵੇਂ ਹੱਸ ਪੈਂਦੇ ਹਾਂ।
ਮੇਰੀ ਨਿੱਜੀ ਸਲਾਹ ਹੈਂ ਕਿ ਹਰ ਇੱਕ ਮੁਟਿਆਰ ਤੇ ਗੱਭਰੂ ਇਸ ਕਿਤਾਬ ਨੂੰ ਜ਼ਰੂਰ ਪੜੇ ਤੇ ਆਪਣੇ ਹੋਣ ਵਾਲੇ ਜੀਵਨਸਾਥੀ ਨੂੰ ਤੋਹਫ਼ੇ ਦੇ ਰੂਪ ਵਿੱਚ ਭੇਜੇ ! ਤਾਂ ਜੋ ਇਕ ਦੂਜੇ (ਔਰਤ ,ਮਰਦ ) ਦੇ ਅੰਤ੍ਰੀਵ ਝਾਕ ਕੇ ਆਪਣੀ ਸਾਂਝ ਨੂੰ ਤਲੱਖੀਆਂ ਤੋਂ ਸੱਖਣੀ ਤੇ ਮੋਹ ਭਰਪੂਰ ਬਣਾ ਸਕਣ !
ਧੰਨਵਾਦ
Reviews
Clear filtersThere are no reviews yet.